ੴਸਤਿਗੁਰਪ੍ਸਾਦਿ॥
ਵਾਹਿਗੁਰੂ ਸਿਮਰਨ
ਨਾਮ ਦੀ ਕਲਾ
ਵਿਸਮਾਦ ਰੂਪ ਅਕਾਲ ਪੁਰਖ ਦੀ ਸਿਫਤਿ ਸਾਲਾਹ ਭੀ ਵਿਸਮਾਦ ਰੂਪ ਹੈ। ਨਾਮ, ਗੁਰਮਤਿ ਨਾਮ ਦੀ ਸਚੀ ਤੱਤ ਸਿਫਤਿ ਸਾਲਾਹ
ਹੈ। ਨਾਮ ਰੂਪੀ ਸਿਫਤਿ ਸਾਲਾਹ, ਬਿਸਮਾਦ ਰੰਗਾਂ ਵਾਲੀ ਧੰਨਤਾ ਹੈ। ਵਿਸਮਾਦੀ ਅਕਾਲ ਪੁਰਖ (ਨਾਮੀ) ਵਾਹਿਗੁਰੂ ਦੀ
ਖਿਨ ਖਿਨ ਸ਼ੁਕਰ-ਗੁਜ਼ਾਰੀ ਹੈ, ਕ੍ਰਿਸ਼ਮਨ ਸ਼ੁਕਰ-ਗੁਜ਼ਾਰੀ ਹੈ, ਜੋ ਨਾਮ-ਨਾਮੀ-ਅਭੇਦ ਵਿਸਮਾਦ ਰੰਗਾਂ ਵਿਚ ਹੀ ਗੁਰੂ
ਗੁਣਤਾਸ ਵਲੋਂ ਉਚਾਰੀ, ਸੰਚਾਰੀ ਅਤੇ ਸੰਵਾਰੀ ਗਈ, ਜੋ ਇਸ ਦੀ ਸਿਫਤਿ ਸਾਲਾਹ ਰੂਪ ਧੰਨਤ ਦੇ ਉਚਾਰਨ, ਰਟਨਹਾਰੇ ਨੂੰ
ਓੜਕ ਪਾਰਸ-ਰਸਾਇਣੀ ਕਲਾ ਵਰਤਾਇ ਕੇ ਵਿਸਮਾਦ ਰੰਗਾਂ ਵਿਚ ਲੀਨ ਕਰਾਉਣ ਨੂੰ ਸਮਰੱਥ ਹੈ। ਨਾਮ ਦੇ ਉਚਾਰਨਹਾਰ ਸੁਆਸ
ਸੁਆਸ ਗੁਰਸ਼ਬਦ ਅਭਿਆਸ ਦੁਆਰਾ ਵਾਹੁ ਵਾਹੁ ਦੀ ਟੇਰ-ਰਟ ਲਗਾਇ ਕੇ ਵਾਸਤਵ ਵਿਚ ਅਕਾਲ ਪੁਰਖ ਦੀ ਖਿਨ ਖਿਨ ਸ਼ੁਕਰ-
ਗੁਜ਼ਾਰੀ ਕਰਦਾ ਹੈ। ਇਹ ਸ਼ੁਕਰ-ਗੁਜ਼ਾਰੀ ਅਤੇ ਕ੍ਰਿਤੱਗਤਾ ਕਾਹਦੀ ਹੈ, ਜਿਸ ਕਰਕੇ ਕੇਵਲ ਪ੍ਰਸ਼ਾਦਾ ਛਕਣ ਸਮੇਂ ਜਾਂ
ਬਿਸਤਰੇ ਤੇ ਲੇਟਣ ਸਮੇਂ ਜਾਂ ਸੋਹਣੇ ਬਸਤਰ ਮਿਲਣ ਸਮੇਂ, ਰਿਹਾਇਸ਼ੀ ਸੁੰਦਰ ਮੰਦਰ ਤੱਕਣ ਸਮੇਂ ਇਹਨਾਂ ਵਸਤੂਆਂ ਦੇ
ਭੋਗਣਹਾਰੇ ਦੇ ਮਨ ਵਿਚ ਇਸ ਤਰ੍ਹਾਂ ਦਾ ਕੇਵਲ ਛਿਨ-ਭੰਗਾਰੀ ਖਿਆਲ ਹੀ ਖਿਆਲ ਆਵੇ ਕਿ ਹੇ ਦਾਤਾ ਵਾਹਿਗੁਰੂ, ਤੂੰ
ਧੰਨ ਹੈਂ ? ਇਸ ਤਰ੍ਹਾਂ ਦਾ ਖਿਆਲ ਮਾਤਰ ਆਉਣ ਨੂੰ ਕਈ ਫਿਲਾਸਫਰ ਐਨ ਗੁਰਮਤਿ ਨਾਮ ਸਿਮਰਨ ਸਮਝਦੇ ਹਨ। ਪਰੰਤੂ
ਗੁਰਮਤਿ ਨਾਮ ਦਾ ਅਭਿਆਸ ਤੇ ਜਾਪ ਤਾਪ ਉਹਨਾਂ ਦੇ ਨਿਕਟ ਐਵੇਂ ਹੀ ਹੈ। ਉਹਨਾਂ ਦੇ ਖਿਆਲ ਵਿਚ ‘ਨਾਮ ਕਿਸੇ ਇਕ ਨਾਮ ਦੀ
ਮਕੈਨੀਕਲ ਰੈਪੀਟੀਸ਼ਨ ਹੀ ਹੈ।’ ਗੁਰਮਤਿ ਨਾਮ ਦੀ ਸਿਫਤਿ ਸਾਲਾਹ ਰੂਪੀ ਸ਼ੁਕਰਾਨਾ, ਕੇਵਲ ਮਹਿਦੂਦ ਅਪ-ਸੁਆਰਥੀ
ਖਿਆਲਾਂ ਵਾਲਾ ਛਿਨ ਭੰਗਾਰੀ ਮਨੋਰਥ-ਪੂਰਤੀ ਤੋਂ ਉਪਜਿਆ ਫਸਾਨਾ ਹੀ ਨਹੀਂ, ਬਲਕਿ “ਬਿਸਮੁ ਪੇਖੈ ਬਿਸਮੁ ਸੁਣੀਐ
ਬਿਸਮਾਦੁ ਨਦਰੀ ਆਇਆ” ਦੀ ਅਵਸਥਾ ਵਾਲਾ ਵਿਸ਼ਾਲ ਆਤਮ-ਤਰੰਗੀ ਤਰਾਨਾ ਹੈ, ਯਥਾ ਗੁਰਵਾਕ:-
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸੰਬਾਹਿ ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ (੧੬)
(ਗੂਜਰੀ ਕੀ ਵਾਰ, ਸਲੋਕ ਮ: ੩, ਪੰਨਾ ੫੧੪−੧੫)
“ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ” ਵਾਲੀ ਪੰਗਤੀ ਸਾਫ ਇਕੋ ਗੁਰਮਤਿ ਨਾਮ ਦਾ ਅਰਾਧਣਾ ਸਹੀ ਕਰਦੀ ਹੈ
ਅਤੇ ਸਹੀ ਅਰਥ ਰਖਦੀ ਹੈ। ‘ਕਿਸੇ ਇਕ ਨਾਮ’ ਦੀ ਜਪਣ ਦੀ ਖੁਲ੍ਹ ਦਾ ਵਿਧਾਨ ਗੁਰਮਤਿ ਅੰਦਰ ਉਕਾ ਹੀ ਨਹੀਂ। ਇਹ ਇਹਨਾਂ
ਤੋਂ ਅਗਲੇਰੇ ਸਲੋਕ ਦੀਆਂ ਤੁਕਾਂ ਦਸਦੀਆਂ ਹਨ ਕਿ ਗੁਰਮਤਿ ਨਾਮ ਕੇਵਲ ਖਾਸ ਖਾਸ ਸਮਿਆਂ ਤੇ ਉਪੰਨੇ ਖਿਆਲਾਂ ਦੀਆਂ
ਸ਼ੁਕਰ-ਗੁਜ਼ਾਰੀਆਂ ਦੇ ਛਿਨ ਭੰਗਾਰੀ ਅਨੁਮਾਨ ਹੀ ਨਹੀਂ, ਸਗੋਂ ਸਦੀਵੀ ਸਾਸ ਗਰਾਸੀ ਜਾਪ ਅਭਿਆਸ ਦਾ ਤਤ ਗਿਆਨ ਹੈ।
ਯਥਾ ਗੁਰਵਾਕ:-
ਵਾਹੁ ਵਾਹੁ ਗੁਰਮੁਖਿ ਸਦਾ ਕਰਹਿ ਮਨਮੁਖਿ ਮਰਹਿ ਬਿਖੁ ਖਾਇ ॥
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥
ਗਰਮੁਖਿ ਅੰਮ੍ਰਿਤ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥੨॥
(ਗੂਜਰੀ ਕੀ ਵਾਰ, ਮ: ੩, ਪੰਨਾ ੫੧੫)
ਇਹ ਗੁਰਵਾਕ ਗੁਰਮਤਿ ਨਾਮ ਦੁਆਰੇ ਕੇਵਲ ਅਲਪੀ ਕਲਪੀ ਸ਼ੁਕਰਾਨਾ ਹੀ ਨਹੀਂ ਦ੍ਰਿੜਾਉਂਦੇ, ਸਗੋਂ ਸਦੀਵ-ਕਾਲੀ ਛਿਨ
ਛਿਨ ਸੁਆਸ-ਸਮਾਲੀ ਅੰਮ੍ਰਿਤ-ਤ੍ਰਿਪਤਾਨਾ ਭੀ ਬੁਝਾਉਂਦੇ ਹਨ, ਅਰਥਾਤ ਨਾਮ ਅਭਿਆਸ ਕੇਵਲ ਸਰੀਰਕ ਲੋੜਾਂ
ਦੀ ਪੂਰਤੀ ਦੇ ਸ਼ੁਕਰਾਨੇ ਵਜੋਂ ਹੀ ਨਹੀਂ ਕੀਤਾ ਜਾਂਦਾ ਹੈ। ਗੁਰਮੁਖਾਂ ਦਾ ਛਿਨ ਛਿਨ ਨਾਮ ਜਪਣਾ ਸੁਆਸ ਸੁਆਸ
ਅੰਮ੍ਰਿਤ ਗਟਾਕਾਂ ਦਾ ਭੁੰਚਣਾ ਹੈ। ਮਨਮੁਖ ਲੋਕ ਆਪਣੀ ਮਨੋਰਥ-ਪੂਰਤੀ ਹਿਤ ਕੁਝ ਮਿੰਟਾਂ ਸਕਿੰਟਾਂ ਲਈ ਹੀ ਨਾਮ
ਜਪਦੇ ਹਨ, ਫੇਰ ਸੁੰਨੇ ਦੇ ਸੁੰਨੇ, ਨਾਮੋਂ ਸਖਣੇ ਹੋ ਕੇ ਆਪਣੇ ਖਿਆਲਾਂ ਦੁਆਰਾ, ਸੰਸਾਰਕ ਚਿਤਵਣੀਆਂ ਦੁਆਰਾ,
ਵਿਵਹਾਰਕ ਖਬਤ ਖਚਤਾਨੀਆਂ ਦੁਆਰਾ ਬਿਖ ਹੀ ਵਿਹਾਜਦੇ ਰਹਿੰਦੇ ਹਨ। ਗੁਰਮੁਖ ਸਚਿਆਰ ਸਿਖ ਵਾਹੁ ਵਾਹੁ ਰੂਪੀ
ਸਿਫਤਿ ਸਾਲਾਹ ਦੀ ਲਿਵਤਾਰ ਜੋੜ ਕੇ ਦਮ-ਬਦਮ ਅੰਮ੍ਰਿਤ ਛਾਦੇ ਹੀ ਭੁੰਚਦੇ ਹਨ। ਤਾਂ ਤੇ ਨਾਮ ਜਪਣਾ ਕੇਵਲ ਖਿਆਲੀ
ਸ਼ੁਕਰ-ਗੁਜ਼ਾਰੀ ਮਾਤਰ ਹੀ ਨਹੀਂ, ਨਾਮ ਜਪਣ ਦਾ ਅਰਥ ਨਿਰੀ ਫਸਲ-ਬਟੋਰੀ ਸ਼ੁਕਰ-ਗੁਜ਼ਾਰੀ ਕਰਨ ਦੇ ਹੀ ਨਹੀਂ, ਸਗੋਂ
ਸੁਆਸ ਸੁਆਸ ਅੰਮ੍ਰਿਤ ਪੀਣ ਦੇ ਅਤੇ ਛਿਨ ਛਿਨ ਆਤਮ-ਜੀਵਣ ਜੀਣ ਦੇ ਹਨ। ਉਹਨਾਂ ਲੋਕਾਂ ਦੀ ਕੈਸੀ ਗਲਤ ਖਿਆਲੀ ਹੈ ਜੋ
ਨਾਮ ਜਪਣ ਨੂੰ ਕੇਵਲ ਮਕੈਨੀਕਲ ਰੈਪੀਟੀਸ਼ਨ ਹੀ ਦੱਸਦੇ ਹਨ। ਦੇਖੋ ਅਗਲੇਰੇ ਗੁਰਵਾਕ, ਜੋ ਦੱਸਦੇ ਹਨ ਕਿ ਨਾਮ ਬਰਕਤ
ਨਾਲ ਕੀ ਕੀ ਗੁੰਝਲਾਂ ਖੁਲ੍ਹਦੀਆਂ ਹਨ :-
ਮਨ ਮੇਰੇ ਨਾਮਿ ਰਹਉ ਲਿਵ ਲਾਈ ॥
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੇ ਸ਼ਬਦਿ ਹਰਿ ਧਿਆਈ ॥੧॥ਰਹਾਉ॥ (੪॥੭)
(ਮਲਾਰ ਮ: ੩, ਪੰਨਾ ੧੨੬੦)
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥…੪॥
(ਕਾਨੜਾ ਅਸਟ: ਮ: ੪, ਪੰਨਾ ੧੩੦੮)
ਇਹ ਨਾਮ ਦੀ ਮਕੈਨੀਕਲ ਰੈਪੀਟੀਸ਼ਨ (ਮੁੜ ਮੁੜ, ਬਾਰ ਬਾਰ ਨਾਮ ਜਪਣ) ਦਾ ਸੁਆਦ ਹੈ, ਪਰ ਗੁਰਵਾਕਾਂ ਸੱਟ ਕਉਣ ਸਹੇ, ਤੇ
ਕਉਣ ਗੁਰਵਾਕਾਂ ਦੀ ਸਚਾਈ ਨੂੰ ਪਰਖੇ ਤੋਲੇ। ਨਾਮ ਕਮਾਈ ਤੋਂ ਅਣਜਾਣ ਲੋਕਾਂ ਦੀ ਇਹ ਹਾਲਤ ਹੈ :-
“ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥”
ਗੁਰਸ਼ਬਦ (ਨਾਮ) ਦੀ ਕਮਾਈ ਬਿਨਾਂ ਪਏ ਭੁਲੇ ਭਟਕਾ ਖਾਂਦੇ ਹਨ- ਭਰਮ ਭਰਮ ਕੇ ਰਾਧਾ ਸੁਆਮੀਆਂ ਤੇ ਹੋਰ ਐਸੇ ਨਵੇਂ
ਗੁਰਮਤਿ ਤੋਂ ਉਲਟ-ਪੰਥੀਆਂ ਦੇ ਦਰਾਂ ਉਤੇ ਰੁਲਦੇ ਫਿਰਦੇ ਹਨ ਤੇ ਉਨ੍ਹਾਂ ਤੋਂ ਅਨਹਦ ਸ਼ਬਦ ਦੀਆਂ ਪ੍ਰਾਪਤੀਆਂ
ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਅਨਹਦ ਧੁਨੀਆਂ ਵਾਲੇ ਬਾਜੇ ਤਾਂ ਗੁਰਮਤਿ ਨਾਮ ਦੀ ਕਮਾਈ
ਕੀਤਿਆਂ ਹੀ ਬਜਦੇ ਹਨ।
ਖਿਨ ਖਿਨ ਨਾਮ ਦੀ ਸਿਫਤ ਸਾਲਾਹ, ਅਰਥਾਤ ਨਾਮ ਦਾ ਜਪਣਾ, ਅਕਾਲ ਪੁਰਖ ਵਾਹਿਗੁਰੂ ਦੀ ਖਿਨ ਖਿਨ ਸ਼ੁਕਰ-ਗੁਜ਼ਾਰੀ ਹੈ ਤੇ
ਖਿਨ ਖਿਨ ਹਾਜ਼ਰਾ ਹਜ਼ੂਰੀ ਹੈ। ਨਾਮ ਦੇ ਬਾਰ ਬਾਰ ਜਪਣ, ਮਕੈਨੀਕਲ ਰੈਪੀਟੀਸ਼ਨ ਦੁਆਰਾ ਹੀ ਰਟਨ ਕਰਦਿਆਂ ਨਾਮ ਦੀ ਪਾਰਸ-
ਰਸਾਇਣੀ-ਰਗੜ ਦੁਆਰਾ ਚੁੰਬਕ ਪ੍ਰਕਾਸ਼ ਪਰਜੁਅਲਤ ਹੁੰਦਾ ਹੈ। ਪ੍ਰੇਮ, ਸ਼ਰਧਾ-ਭਾਵਨੀ ਨਾਲ ਇਸ ਤਰ੍ਹਾਂ ਰਟਨ
ਰੈਪੀਟੀਸ਼ਨ ਕਰਕੇ ਦੇਖਣ, ਫੇਰ ਪਤਾ ਲਗਸੀ ਕਿ ਏਸ ਨਿਰੀ ਮਕੈਨੀਕਲ ਰੈਪੀਟੀਸ਼ਨ ਦੀ ਕੀ ਕਰਾਮਾਤ ਹੈ। ਪਹਿਲਾਂ
ਸਤਿਗੁਰੂ ਦੇ ਏਸ ਨਾਮ ਉਤੇ ਗੁਰਸਿਖਾਂ, ਸ਼ਰਧਾਲੂਆਂ ਵਾਲੀ ਸ਼ਰਧਾ ਲਿਆਉਂਣ ਦੀ ਲੋੜ ਹੈ, ਫੇਰ ਨਾਮ ਦੇ ਪਾਤਰ ਬਣਨ ਤੇ
ਨਾਮ ਨੂੰ ਪ੍ਰਾਪਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਸਰੂਪ ਪੰਜਾਂ ਪਿਆਰਿਆਂ ਤੋਂ ਖੰਡੇ ਦਾ
ਅੰਮ੍ਰਿਤ ਛਕਣ ਦੀ ਲੋੜ ਹੈ। ਇਸ ਤਰ੍ਹਾਂ ਖਾਲਸਾ ਸਜ ਕੇ, ਨਾਮ ਪ੍ਰਾਪਤ ਕਰ ਕੇ ਨਾਮ ਜਪਣ ਦੀ ਅਤੁਟ ਕਮਾਈ ਕਰਨ। ਇਸ
ਤਰ੍ਹਾਂ ਮਕੈਨੀਕਲ ਰੈਪੀਟੀਸ਼ਨ ਦੀ ਕਮਾਈ ਦਾ ਫੇਰ ਸਿੱਟਾ ਦੇਖਣ ਕਿ ਕੀ ਰੰਗ ਖਿੜਦੇ ਹਨ ! ਐਵੇਂ ਗੱਲਾਂ ਨਾਮ ਗਿਆਨ
ਘੋਟਿਆਂ ਕੀ ਬਣਦਾ ਹੈ? ਗੁਰੂ ਸਾਹਿਬ ਫੁਰਮਾਉਂਦੇ ਹਨ :-
ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਗੁਰਮਤੀ ਨਾਮੁ ਸਾਲਾਹੀਐ ਦੂਜਾ ਅਵਰੁ ਨ ਕੋਇ ॥੧॥ਰਹਾਉ॥
(ਸਿਰੀ ਰਾਗੁ ਮ: ੩, ਪੰਨਾ ੩੮)
ਸ਼ੁਕਰ-ਗੁਜ਼ਾਰੀ ਕਰਨੀ ਕਿਹੜੀ ਸੁਖਾਲੀ ਹੈ। ਇਹ ਸ਼ੁਕਰ-ਗੁਜ਼ਾਰੀ (ਤੱਤ ਸ਼ੁਕਰ-ਗੁਜ਼ਾਰੀ) ਗੁਰੂ ਦੁਆਰਿਓਂ, ਗੁਰਮਤਿ
ਦੁਆਰਾ ਹੀ ਸਿਖਾਈ ਸਿਖਲਾਈ ਜਾਂਦੀ ਹੈ। ਉਪਰਲੇ ਗੁਰਵਾਕ ਅੰਦਰ ‘ਗੁਰਮਤੀ ਨਾਮੁ ਸਾਲਾਹੀਐ’ ਦੀ ਫੋਰਸ (ਜ਼ੋਰ-ਸ਼ਕਤੀ)
ਨੂੰ ਦੇਖੋ। ਫੇਰ ਅਗਲੀ ਪੰਗਤੀ ਦੱਸਦੀ ਹੈ ਕਿ ਗੁਰਮਤਿ ਨਾਮ ਦਾ ਜਪਣਾ ਸਾਲਾਹੁਣਾ ਹੀ ਫਲਦਾਇਕ ਹੈ, ਇਹ ਨਹੀਂ ਕਿ
ਸਤਿਨਾਮ ਗੁਰਮੰਤਰ ਤੋਂ ਵੱਖਰਾ ਕੋਈ ਨਾਮ ਹੀ ਸਾਲਾਹਿਆ ਜਾਵੇ। ਬਸ ‘ਦੂਜਾ ਅਵਰੁ ਨ ਕੋਇ।’ ਅਰਥਾਤ ਗੁਰਮਤਿ ਨਾਮ ਤੋਂ
ਵੱਖਰਾ ਦੂਸਰਾ ਹੋਰ ਕੋਈ ਨਾਮ ਨਹੀਂ। ਕੇਵਲ, ਏਸ ਗੁਰਮਤਿ ਨਾਮ ਦੀ ਸਿਫਤ ਸਲਾਹ ਦੀ ਅਤੁਟ ਕਮਾਈ ਤੇ ਅਨਿੰਨ ਸ਼ਰਧਾ
ਭਾਵਨੀ ਦੁਆਰਾ ਹੀ ਨਾਮ ਦੇ ਰੰਗਾਂ ਵਿਚ ਰਤੇ ਜਾ ਸਕੀਦਾ ਹੈ। ਤੇ ਨਾਮ ਦੀ ਰਗੜ ਦੁਆਰਾ ਹੀ ਪਰਜੁਅਲਤ ਹੋਏ ਆਤਮ-
ਪ੍ਰਕਾਸ਼ ਦੁਆਰਾ ਹੀ ਸਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ, ‘ਮਨ ਮੇਰੇ ਨਾਮਿ ਰਤੇ ਸੁਖੁ ਹੋਇ ।’
ਉਸ ਬੇਅੰਤ ਪ੍ਰਭੂ ਨੂੰ ਪੂਰੇ ਸ਼ਬਦ ਦੁਆਰਾ ਹੀ ਸਲਾਹਿਆ ਜਾ ਸਕਦਾ ਹੈ। ਯਥਾ ਗੁਰਵਾਕ :-
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
(ਸਿਰੀ ਰਾਗੁ ਮ: ੩, ਪੰਨਾ ੬੮)
ਇਹ ਪੂਰਾ ਸ਼ਬਦ ਪੂਰੇ ਸਤਿਗੁਰੂ ਦਾ ਦਸਿਆ ਦ੍ਰਿੜਾਇਆ ਹੋਇਆ ਕੇਵਲ ਗੁਰਮਤਿ ਨਾਮ, ਗੁਰਮੰਤਰ ਹੀ ਹੈ, ਜਿਹਾ ਕਿ ਭਾਈ
ਗੁਰਦਾਸ ਜੀ ਨੇ ਸਪੱਸ਼ਟ ਕਰਕੇ ਪ੍ਰਗਟ ਕੀਤਾ ਹੈ :-
ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ ॥
ਭਵਜਲ ਵਿਚੋਂ ਕਢ ਕੇ ਮੁਕਤਿ ਪਦਾਰਥ ਮਾਹਿ ਸਮਾਇਆ ॥
(ਵਾਰ ੧, ਪਉੜੀ ੧)
ਭਾਈ ਗੁਰਦਾਸ ਜੀ ਸਾਫ ਦੱਸਦੇ ਹਨ ਕਿ ਨਾਮ ਦਾ ਦਾਤਾ ਸਤਿਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਬਾਕੀ ਗੁਰੂ ਸਰੂਪ
ਗੁਰੂ ਸਾਹਿਬਾਨ ਨੂੰ ਨਮਸਕਾਰ ਹੈ, ਜਿਸ ਨੇ ਸਤਿਨਾਮ ਦਾ ਮੰਤਰ ਸੁਣਾ ਕੇ ਭੈ-ਸਾਗਰ ਵਿਚੋਂ ਕਢ ਕੇ ਮੁਕਤਿ ਕਰ ਦਿੱਤਾ।
ਉਹ ਸਤਿਨਾਮ ਮੰਤਰ ਕਿਹੜਾ ਹੈ, ਏਸ ਨੂੰ ਉਹ ਏਸ ਤਰਾਂ ਸਪੱਸ਼ਟ ਕਰਦੇ ਹਨ :-
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ॥
(ਵਾਰ ੧੩, ਪਉੜੀ ੨)
ਇਹ ਗੁਰਮੰਤਰ ਵਾਹਿਗੁਰੂ ਹੀ ਹੈ, ਜਿਸ ਦੇ ਜਪਣ ਨਾਲ ਹਉਮੈ ਦੂਰ ਹੁੰਦੀ ਹੈ। ਇਹੋ ਸਤਿਨਾਮ ਹੈ, ਏਸ ਤੋਂ ਬਿਨਾਂ ਬਾਕੀ
ਰਾਮ, ਹਰੀ ਆਦਿ ਸਭ ਕ੍ਰਿਤਮ ਨਾਮ ਹਨ, ਜਿਨ੍ਹਾਂ ਦਾ ਜਾਪ-ਸਿਮਰਨ ਵਾਹਿਗੁਰੂ ਸਤਿਨਾਮ ਮੰਤਰ ਦੇ ਤੁਲ ਨਹੀਂ:-
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿਨਾਮ ਤੇਰਾ ਪਰਾ ਪੂਰਬਲਾ ॥…੨੭॥
(ਮਾਰੂ ਮਹਲਾ ੫, ਪੰਨਾ ੧੦੮੩)
ਇਹ ਸਤਿਨਾਮ ਪਰਾ ਪੂਰਬਲਾ ਹੈ, ਬਾਕੀ ਨਾਮ ਲੋਕਾਂ ਦੇ ਰਚੇ ਹੋਏ ਹਨ।
ਇਹ ਗੁਰਮਤਿ ਨਾਮ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਤੇ ਉਸ ਦੀ ਕਿਰਪਾ ਨਾਲ ਹੀ ਮਨ ਵਿਚ ਵਸਦਾ ਹੈ।
ਵੈਸੇ ਆਪ-ਮੁਹਾਰਾ ਨਾਮ ਮੂੰਹੋਂ ਆਖਿਆ ਪਰਵਾਣ ਨਹੀਂ। ਗੁਰਮਤਿ ਬਿਧੀ ਅਨੁਸਾਰ ਪ੍ਰਾਪਤ ਹੋਇਆ ਨਾਮ ਹੀ ਖੰਡੇ ਦਾ
ਅੰਮ੍ਰਿਤ ਛਕ ਕੇ ਜਪਿਆ ਫਲੀਭੂਤ ਹੋ ਸਕਦਾ ਹੈ। ਜਿਹਾ ਕਿ ਗੁਰਵਾਕ ਹੈ:-
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
(ਗੂਜਰੀ ਮ: ੩, ਪੰਨਾ ੫੮੧)
ਏਸ ਤਰ੍ਹਾਂ ਬਿਧੀ ਪੂਰਬਕ ਪ੍ਰਾਪਤ ਹੋਏ ਨਾਮ-ਜਾਪ ਦਾ ਆਟੋਮੈਟਿਕ (ਆਪ-ਮੁਹਾਰਾ) ਤੋਰਾ ਤੁਰ ਸਕਦਾ ਹੈ। ਨਾਮ ਦੀ ਰਸਕ
ਜੋਤਿ ਪ੍ਰਜੁਲਤ ਹੋਣ ਤਕ ਸਿਲ ਅਲੂਣੀ ਚਟਣੀ ਲਗਦੀ ਹੈ। ਜਦੋਂ ਨਾਮ ਮਨ ਵਿਚ ਵਸ ਗਿਆ, ਤਦ ਸੁਰਤੀ ਬਿਰਤੀ ਰਸ-ਲੀਨ ਹੋਣ
ਕਾਰਨ ਇਹ ਰਸ ਛਡਿਆ ਨਹੀਂ ਜਾਂਦਾ।
ਅਠ ਪਹਿਰੀ ਕੁੰਜੀ:
ਅੰਮ੍ਰਿਤ ਵੇਲੇ ਦੀ ਇਕ-ਪਹਿਰੀ ਸਾਵਧਾਨਤਾ ਸਹਿਤ ਨਾਮ ਅਭਿਆਸ ਕੀਤਾ ਹੋਇਆ ਮਾਨੋ ਅਠ ਪਹਿਰੀ ਕੁੰਜੀ ਲਗ ਜਾਂਦੀ ਹੈ,
ਜਿਸ ਦੇ ਤਾਣ ਸੁਤੇ ਸੁਭਾਵ ਹੀ ਨਾਮ ਅਭਿਆਸੀ ਦੀ ਸੁਆਸਾ ਰੂਪੀ ਘੜੀ ਦਾ ਪੈਂਡੁਲਮ, ਪੰਚ ਦੂਤ ਦਮਨੀ ਖੰਡੇ ਦੀ ਖੜਕਾਰ
ਵਾਲੀ ਸਹਿਜ ਰਫਤਾਰ ਵਿਚ ਚਲਦਾ ਰਹਿੰਦਾ ਹੈ।
ਇਹ ਗੁਰਮੰਤਰ “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ” ਦੇ ਗੁਰਵਾਕ ਅਨੁਸਾਰ ਅਕਾਲ ਪੁਰਖ ਦਾ ਆਪਣੇ ਆਪ ਰਚਿਆ ਹੋਇਆ
ਨਾਉਂ ਸਤਿਨਾਮ ਹੈ, ਹੋਰ ਸਾਰੇ ਨਾਉਂ ਅਸਤਿ ਤੇ ਕ੍ਰਿਤਮ ਨਾਮ ਹਨ। ਏਸ ਗੁਰਮਤਿ ਗੁਰਮੰਤਰ ਵਾਹਿਗੁਰੂ ਦੇ ਵਿਧੀ
ਪੂਰਬਕ ਅਭਿਆਸ ਦੁਆਰਾ ਜੋਤਿ ਪ੍ਰਕਾਸ਼ਕ ਵਿਸਮਾਦੀ ਅਨੰਦ ਰੰਗ ਬਝਦੇ ਹਨ। ਨਾਮ ਅਭਿਆਸ ਦਾ ਹੱਦ-ਬੰਨਾ ਕੋਈ ਨਹੀਂ,
ਨਾਮ ਪਰਮ ਤੇ ਅਗਾਧ ਅਨੰਦ ਵਿਖੇ ਜਾ ਸਮਾਧੀ ਕਰਾਉਂਦਾ ਹੈ; ਤੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ:-
‘ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ’ ਵਾਲੇ ਦਿਬ ਲੋਇਣ ਓਤੇ ਜਾ ਕੇ ਹੀ ਖੁਲ੍ਹਦੇ ਹਨ:-
“ਅਦਿਸਟਿ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ॥”
(ਰਾਮਕਲੀ ਮ: ੩, ਅਮਕ ੨੫, ਪੰਨਾ ੯੧੦)
ਵਾਲੀ ਜੀਵਨ ਮੁਕਤਿ ਜੋਤੀ ਜੋਤਿ ਸਮਾਏ ਰਹਿਣ, ਸਦਾ ਸਮਾਏ ਰਹਿਣ ਵਾਲਾ ਉਚ ਮੇਅਰਾਜ ਪ੍ਰਾਪਤ ਹੁੰਦਾ ਹੈ। ਏਸ ਅਵਸਥਾ
ਵਿਚ ਹੀ ਦਸਮ ਦੁਆਰ ਦੀ ਗੰਮਤਾ ਪ੍ਰਾਪਤ ਹੁੰਦੀ ਹੈ, ਜੈਸਾ ਕਿ ਭਾਈ ਗੁਰਦਾਸ ਜੀ ਆਪਣੇ
ਕਬਿਤ ਸਵਈਆਂ ਦੇ ਦੂਜੇ ਕਬਿਤ ਵਿਚ ਦਸਦੇ ਹਨ:-
ਦਸਮ ਸਥਾਨ ਕੇ ਸਮਾਨਿ ਕਉਨ ਭਉਨ ਕਹਉ
ਗੁਰਮੁਖਿ ਪਾਵੈ ਸੁ ਤਉ ਅਨਤ ਨਾ ਧਾਵਈ॥
ਉਨਮਨੀ ਜੋਤਿ ਕੇ ਪਟੰਤਰ ਦੀਜੈ ਕਉਨ ਜੋਤਿ
ਦਇਆ ਕੈ ਦਿਖਾਵੈ ਜਾਹਿੰ ਤਾਹੀ ਬਨਿ ਆਵਈ॥
ਅਨਹਦ ਨਾਦ ਸਮਸਰਿ ਨਾਦੁ ਬਾਦੁ ਕਉਨੁ
ਸ੍ਰੀ ਗੁਰੂ ਸੁਨਾਵੈ ਜਾਹਿੰ ਸੋਈ ਲਿਵ ਲਾਵਈ॥
ਨਿਝਰ ਅਪਾਰ ਧਾਰ ਤੁਲਿ ਨ ਅੰਮ੍ਰਿਤ ਰਸ
ਅਪਿਉ ਪੀਆਵੈ ਜਾਹਿੰ ਤਾਹੀ ਮੈ ਸਮਾਵਈ॥੨॥
(ਕਬਿਤ ਸਵੈਯੇ ਭਾਈ ਗੁਰਦਾਸ ਜੀ)
ਇਹ ਅਵਸਥਾ ਗੁਰੂ ਕਿਰਪਾ ਨਾਲ ਗੁਰਮੁਖਾਂ ਨੂੰ ਹੀ, ਨਾਮ ਦੀ ਦਾਤ ਪ੍ਰਾਪਤ ਕਰ ਕੇ, ਨਾਮ ਅਭਿਆਸ ਕਮਾਈ ਦੁਆਰਾ ਹਾਸਲ
ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਨਾਮ ਅਭਿਆਸ ਦੀ ਗੁਰਮਤਿ ਜੁਗਤਿ ਇਉਂ ਦੱਸੀ ਹੈ ਕਿ ਏਸ ਬਿਧ
ਗੁਰਮੰਤਰ ਦਾ ਜਾਪ ਕਰ ਕੇ ਦਸਮ-ਦੁਆਰ ਪਹੁੰਚੀਦਾ ਹੈ। ਜਿਹਾ ਕਿ ਕਬਿਤ:-
ਸਬਦ ਸੁਰਤਿ ਲਿਵ ਲੀਨ ਜਲ ਮੀਨ ਗਤਿ
ਸੁਖਮਨਾ ਸੰਗਮ ਹੁਇ ਉਲਟਿ ਪਵਨ ਕੈ॥
ਬਿਸਮ ਬਿਸਵਾਸ ਬਿਖੈ ਅਨਭੈ ਅਭਿਆਸ ਰਸ
ਪ੍ਰੇਮ ਮਧੁ ਅਪਿਉ ਪੀਵੈ ਗੁਹਜ ਗਵਨ ਕੈ॥
ਸਬਦ ਕੈ ਅਨਹਦ ਸੁਰਤਿ ਕੈ ਉਨਮਨੀ
ਪ੍ਰੇਮ ਕੈ ਨਿਝਰ ਧਾਰ ਸਹਜ ਰਵਨ ਕੈ॥
ਤ੍ਰਿਕੁਟੀ ਉਲੰਘਿ ਸੁਖ ਸਾਗਰ ਸੰਜੋਗ ਭੋਗ॥
ਦਸਮ ਸਥਲ ਨਿਹਕੇਵਲ ਭਵਨ ਕੈ॥੨੯੧॥
(ਕਬਿਤ ਭਾਈ ਗੁਰਦਾਸ ਜੀ)
ਨਾਮ ਦੀ ਅਗਾਧ ਕਲਾ ਹੈ, ਜਿਸ ਦੇ ਉਫੈਲ ਅਕਾਲ ਪੁਰਖ ਦੇ ਪਰਤੱਖ ਦਰਸ਼ਨ, ਦਸਮ ਦੁਆਰ ਦਾ ਉਘਾੜ ਤੇ ਸਚਖੰਡ ਦਾ ਨਿਵਾਸ
ਪ੍ਰਾਪਤ ਹੁੰਦਾ ਹੈ। ਖਾਲਸੇ ਦਾ ਦਸਮ ਦੁਆਰ ਜੋਗੀਆਂ ਦੇ ਦਸਮ ਦੁਆਰ ਨਾਲੋਂ ਉਚਾ ਤੇ ਵਿਲੱਖਣ ਹੈ। ਜੋਗੀਆਂ ਦਾ ਦਸਮ
ਦੁਆਰ ਤਾਂ ਨਿਰਾ ਪਵਨ-ਪੁਹਾਰਾ ਹੀ ਹੈ। ਏਸ ਦਾ ਫਰਕ ਇਉਂ ਸਮਝੋ ਕਿ ਅੰਗੀਠੀ ਵਿਚ ਜਿਥੇ ਕੋਇਲੇ ਦਗਦੇ ਹਨ, ਉਹ ਉਪਰਲਾ
ਟਿਕਾਣਾ ਖਾਲਸੇ ਦਾ ਦਸਮ ਦੁਆਰ ਹੈ, ਜਿਥੋਂ ਸਚਖੰਡ ਨਾਲ ਸਿੱਧਾ ਕਨੈਕਸ਼ਨ ਜੁੜਦਾ ਹੈ ਤੇ ਨਾਮ ਦੀਆਂ ਧੁਨੀਆਂ ਦਾ
ਅਨਹਦ ਸ਼ਬਦ ਸੁਣਾਈ ਦਿੰਦਾ ਹੈ। ਜੋਗੀਆਂ ਦਾ ਦਸਮ ਦੁਆਰ ਤਾਂ ਉਹ ਥਾਂ ਹੈ, ਜਿਥੇ ਅੰਗੀਠੀ ਦੇ ਹੇਠਲੇ ਹਿੱਸੇ ਵਿਚ
ਸੁਆਹ ਡਿਗਦੀ ਹੈ। ਜੋਗੀਆਂ ਨੂੰ ਏਥੇ ਬਜੰਤ੍ਰੀ ਬਾਜਿਆਂ, ਵੀਣਾ, ਢੋਲਕ, ਛੇਣੇ ਆਦਿ ਦੀਆਂ ਧੁਨੀਆਂ ਹੀ ਸੁਣਦੀਆਂ ਹਨ।
ਗੁਰੂ ਘਰ ਵਾਲਾ ਅਨਹਦ ਸ਼ਬਦ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਤੇ ਨਾ ਉਹਨਾਂ ਨੂੰ ਅਕਾਲ ਪੁਰਖ ਪਰਤੱਖ ਹੁੰਦਾ ਹੈ,
ਜੈਸਾ ਕਿ ਗੁਰਵਾਕ
ਹੈ :-
“ਜੋਗ ਸਿਧ ਆਸਣ ਚਉਰਾਸੀ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨਾ ਗਹਿਆ॥੬॥”
(ਸੋਰਠਿ ਮ: ੫ ਘਰੁ ੨ ਅਸਟ:, ਪੰਨਾ ੬੪੨)
ਇਹ ਉਪਰਲੀ ਮਿਸਾਲ “ਤਿਹ ਸਿਲ ਉਪਰਿ ਖਿੜਕੀ ਅਉਰ” ਵਾਲੇ ਸ਼ਬਦ ਦੇ ਭਾਵ ਦਾ ਟੂਕ ਮਾਤਰ ਪ੍ਰਮਾਣ ਹੈ। ਇਸ ਲਈ ਸਾਰ-ਸਿੱਟਾ
ਇਹ ਹੈ ਕਿ ਅਸਲੀ ਕਲਿਆਣਕਾਰੀ ਮੰਤਰਾਂ ਸਿਰ ਮੰਤਰ ‘ਵਾਹਿਗੁਰੂ’ ਗੁਰਮੰਤਰ ਹੈ, ਜੋ ਬੇਦ ਕਤੇਬਾਂ ਤੋਂ
ਅਗੋਚਰਾ ਅਕਾਲ ਪੁਰਖ ਦਾ ਆਪ ਸੰਕੇਤਿਆ ਨਾਮ ਹੈ, ਜਿਹਾ ਕਿ :-
“ਬੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦ ਸੁਣਾਇਆ॥”
(ਭਾਈ ਗੁਰਦਾਸ ਜੀ, ਵਾਰ ੧੨, ਪਉੜੀ ੧੭)
ਏਸ ਗੁਰਮੰਤਰ ਨੂੰ ਜਪਣ ਦੀ ਭਾਈ ਗੁਰਦਾਸ ਜੀ ਹਦਾਇਤ ਕਰਦੇ ਹਨ :-
“ਵਾਹਿਗੁਰੂ ਸਾਲਾਹਣਾ ਗੁਰ ਸਬਦ ਅਲਾਏ॥”
(ਵਾਰ ੯, ਪਉੜੀ ੧੩)
“ਵਾਹਿਗੁਰੂ ਗੁਰੁ ਸਬਦੁ ਲੈ ਪਿਰਮ ਪਿਆਲਾ ਚੁਪਿ ਚੁਬੋਲਾ॥”
(ਵਾਰ ੪, ਪਉੜੀ ੧)
ਇਸ ਗੁਰਮੰਤਰ ਨੂੰ ਬਾਰ ਬਾਰ ਜਪਣ ਦੀ ਹਦਾਇਤ ਗੁਰਬਾਣੀ ਵਿਚ ਥਾਂ ਥਾਂ ਮਿਲਦੀ ਹੈ :-
“ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ॥…੬॥(੧੭)”
ਸੋ ਨਾਮ ਦਾ ਬਾਰ ਬਾਰ ਜਪਣਾ ਨਿਰੀ ਮਕੈਨੀਕਲ ਰੈਪੀਟੀਸ਼ਨ (ਮੁੜ ਮੁੜ ਇਕ ਸ਼ਬਦ ਨੂੰ ਆਮੁਹਾਰਾ ਕਹੀ ਜਾਣ ਵਾਲੀ ਫੋਕੀ
ਕਾਰ) ਨਹੀਂ, ਸਗੋਂ ਨਾਮ-ਰਸ ਲੀਨ ਕਰਾਉਂਣ ਵਾਲੀ ਤੇ ਕਪਾਟ ਖੋਲ੍ਹਣ ਵਾਲੀ ਸਚੀ ਕਾਰ ਹੈ। ਗੁਰਮਤਿ ਨਾਮ ਅਰਥਾਤ
ਵਾਹਿਗੁਰੂ ਦਾ ਅਭਿਆਸ ਊਠਤ ਬੈਠਤ ਸੋਵਤ ਜਾਗਤ ਸਾਸ ਗ੍ਰਾਸ ਹੋ ਸਕਦਾ ਹੈ, ਰਸਨਾ (ਜੀਭ) ਦੁਆਰਾ ਅਥਵਾ ਸੁਆਸਾਂ ਤੇ
ਸੁਰਤੀ ਦੁਆਰਾ। (ਨਾਮ ਸਿਮਰਨ ਆਦਿ ਸਵਾਲਾਂ ਸਬੰਧੀ ਵੇਰਵਾ ਦੇਖਣ ਲਈ ਪੜ੍ਹੋ ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ
ਲੇਖ, ਚਰਨ ਕਮਲ ਕੀ ਮਉਜ ਅਤੇ ਅਨਹਦ ਸ਼ਬਦ ਦਸਮ ਦੁਆਰ ਪੁਸਤਕਾਂ)।
ਨਾਮ ਸੁਣਨਾ ਤੇ ਮੰਨਣਾ
ਨਾਮ ਦੇ ਸੁਣਨ ਮੰਨਣ ਦਾ ਵੇਰਵਾ ਜਪੁਜੀ ਸਾਹਿਬ ਦੀਆਂ ਸੁਣਿਐ, ਮੰਨੈ ਦੀਆਂ ਪਉੜੀਆਂ ਵਿਚ ਤੇ ਫੇਰ ਸਾਰੰਗ ਰਾਗ ਦੀ
ਵਾਰ ਵਿਚ ਸੁਣਿਐ, ਮੰਨਿਐ ਦੀਆਂ ਪਉੜੀਆਂ ਵਿਚ ਗੁਰੂ ਸਾਹਿਬ ਨੇ ਆਪ ਕੀਤਾ ਹੈ। ਏਸ ਦੀ ਵਿਆਖਿਆ ਪੂਰੀ ਤਰ੍ਹਾਂ
ਖੋਲ੍ਹ ਕੇ ‘ਗੁਰਮਤਿ ਨਾਮ ਆਭਿਆਸ ਕਮਾਈ’ ਪੁਸਤਕ ਵਿਚ ਕੀਤੀ ਗਈ ਹੈ। ਏਸ ਲਈ ਇਸ ਦੀ ਵਿਆਖਿਆ ਦੁਬਾਰਾ ਏਥੇ ਨਹੀਂ
ਕੀਤੀ ਗਈ, ਕਿਉਂਕਿ ਟ੍ਰੈਕਟ ਦਾ ਅਕਾਰ ਤੇ ਵਿਸਥਾਰ ਵਧ ਜਾਏਗਾ। ਪ੍ਰੇਮੀ ਸਜਣ ਇਹ ਪ੍ਰਕਰਣ ‘ਗੁਰਮਤਿ ਨਾਮ ਅਭਿਆਸ
ਕਮਾਈ’ ਪੁਸਤਕ ਵਿਚੋਂ ਪੜ੍ਹ ਲੈਣ।
ਗੁਰਬਾਣੀ ਦੇ ਪੜ੍ਹਨ ਸੁਣਨ ਤੇ ਕੀਰਤਨ ਦਾ ਅਸਰ
ਗੁਰਬਾਣੀ ਦੇ ਪੜ੍ਹਨ ਸੁਣਨ ਤੇ ਕੀਰਤਨ ਦੀ ਪਾਰਸ ਅਖੰਡਕਾਰ ਸਪਰਸ਼ ਦੁਆਰਾ ਗੁਰਬਾਣੀ ਜਗਿਆਸੂ ਦੀ ਸੁਰਤੀ ਬਿਰਤੀ
ਸਿਕਲ ਹੋ ਕੇ ਆਤਮ-ਜਾਗਰਤਾ ਵਿਚ ਜਾਗ ਉਠਦੀ ਹੈ। ਇਸ ਜਾਗ ਲੱਗਣ ਦਾ ਸੁਫਲ ਫਲ (ਸਿੱਟਾ) ਇਹ ਹੁੰਦਾ ਹੈ ਕਿ ਮਧਮ ਵੇਗ
ਵਿਚ ਚਲ ਰਹੇ ਨਾਮ ਅਭਿਆਸ ਦਾ ਖੰਡਾ ਜੋਰੋ ਜੋਰ ਖੜਕਣ ਲਗ ਪੈਂਦਾ ਹੈ, ਜੋ ਨਾਮ ਅਭਿਆਸੀ ਨੂੰ ਨਾਮ-ਲਿਵਤਾਰ ਅਤੇ ਰਸ
ਜੋਤਿ ਪ੍ਰਕਾਸ਼ ਦੇ ਝਲਕਾਰ ਦੀ ਸੁ-ਗੁੰਮਤਾ ਲਈ ਅਵੱਸ਼ ਸਹਾਈ ਹੁੰਦਾ ਹੈ। ਅਲ੍ਹੜ (ਨਵੇਂ) ਜਗਿਆਸੂ ਨੂੰ ਨਾਮ ਦੀਆਂ
ਤਰਬ-ਤਰੰਗਾਂ ਤਾਰਾਂ ਬਜਾਉਂਣ ਹਿਤ ਅਤੇ ਨਾਮ ਅਭਿਆਸ ਨੂੰ ਗਹਿ ਕਰ ਕੇ ਦ੍ਰਿੜਾਉਣ ਹਿਤ ਗੁਰਬਾਣੀ ਦਾ ਪੜ੍ਹਨਾ
ਸੁਣਨਾ ਤੇ ਕੀਰਤਨ ਕਰਨਾ ਸਦਾ ਲਈ ਸੁਖਦਾਈ ਹੁੰਦਾ ਹੈ। ਅਨਪੜ੍ਹ ਨਾਮ ਅਭਿਆਸੀ ਜਗਿਆਸੂ ਨੂੰ ਗੁਰਬਾਣੀ ਪਾਠ ਕੀਰਤਨ
ਦਾ ਸੁਣਨਾ ਹੀ ਅਤਿਸੈ ਕਰਕੇ ਸਹਾਈ ਹੁੰਦਾ ਹੈ। ਗੁਰਬਾਣੀ ਦੀ ਸਹਾਇਤਾ ਤੋਂ ਬਿਨਾਂ ਨਾਮ ਦੇ ਸਿਮਰਨ ਵਿਚ ਨਿਤ ਨਵੀਂ
ਚੜ੍ਹਦੀ ਕਲਾ ਨਹੀਂ ਵਰਤਦੀ ਜੋ ਗੁਰਬਾਣੀ ਪੜ੍ਹਨ ਸੁਣਨ ਵਾਲੇ ਨਾਮ ਅਭਿਆਸੀ ਦੀ ਦਸ਼ਾ ਵਿਚ ਵਰਤਦੀ ਤੇ ਪਲਰਦੀ ਹੈ,
ਕਿਉਂਕਿ ਗੁਰਬਾਣੀ ਤੇ ਨਾਮ ਦੋਨੋਂ ਓਤਿ ਪੋਤਿ ਹਨ। ਗੁਰਬਾਣੀ ਦੀ ਪਾਰਸ ਕਲਾ ਦੀ ਸਹਾਇਤਾ ਤੋਂ ਸਖਣੇ ਨਿਰੇ ਨਾਮ ਦੇ
ਅਭਿਆਸੀ ਅਕਸਰ ਖੜ੍ਹਦੀ ਕਲਾ ਵਿਚ ਰਹਿ ਜਾਂਦੇ ਹਨ। ਉਹਨਾਂ ਦੀ ਚੜ੍ਹਦੀ ਕਲਾ ਦੇ ਰੰਗਾਂ ਦਾ ਖੇੜਾ ਖਿੜਦਾ ਹੀ ਨਹੀਂ,
ਜੈਸਾ ਕਿ ਬਹੁਤ ਸਾਰੇ ਨਾਮਧਾਰੀਆਂ ਦੀ ਦਸ਼ਾ ਹੋ ਰਹੀ ਹੈ। ਉਹ ਗੁਰਬਾਣੀ ਨੂੰ ਜਦੋਂ ਛਡ ਗਏ, ਜਿਥੇ ਸੀ ਉਥੇ ਹੀ ਰਹਿ ਗਏ।
“ਗੁਰਮੁਖਿ ਬਾਣੀ ਨਾਦ ਬਜਾਵੈ” ਵਾਲੀ ਪਾਰਸ ਕਲਾ ਵਰਤਣੋਂ ਰਹਿ ਖੜੋਤੀ। ਕਿਉਂਕਿ ਪਰਮ ਪਾਰਸ ਰੂਪ ਬਾਣੀ ਦਾ ਸਪਰਸ਼ ਜੋ
ਰਹਿ ਖੜੋਤਾ। ਉਹਨਾਂ ਨੂੰ ਗੁੜਤੀ ਹੀ ਹੋਰੂੰ ਮਿਲੀ। ਇਸ ਤਰਾਂ ਕਈ ਕਾਰਨ ਬਣ ਗਏ। ਉਹਨਾਂ ਦੀ ਖੜ੍ਹਦੀ ਕਲਾ ਵਿਚ
ਖੜੋਤੇ ਰਹਿ ਜਾਣ ਦਾ ਕਾਰਨ ਇਹੋ ਹੋਇਆ ਕਿ ਉਹਨਾਂ ਨੇ ਕੇਵਲ ਨਾਮ ਨੂੰ ਹੀ ਤੱਤ ਜਾਣਿਆ, ਪਰ ਜਿਸ ਗੁਰਬਾਣੀ ਨੇ ਨਾਮ
ਨੂੰ ਤੱਤ ਜਣਾਇਆ ਸੀ ਉਸ ਤੱਤ-ਸਮੁੰਦਰੀ ਬਾਣੀ ਨੂੰ ਬਿਲੋਵਣਾ ਛਡ ਦਿੱਤਾ ਤਾਂ “ਮਾਖਨ ਕੈਸੇ ਰੀਸੇ”। ਉਹਨਾਂ ਦੀ
ਬੇਸਮਝੀ ਇਹ ਹੋਈ ਕਿ ਉਹ ਸਮਝ ਬੈਠੇ ਕਿ ਬਸ ਬਾਣੀ ਵਿਚੋਂ ਤੱਤ ਤਾਂ ਵਿਰੋਲ ਲਿਆ, ਹੁਣ ਬਾਣੀ ਦੀ ਕੀ ਲੋੜ? ਪਰ ਉਹ ਏਸ
ਗਲੋਂ ਅਗਿਆਤ ਹੀ ਰਹੇ ਕਿ ਗੁਰਬਾਣੀ ਦਾ ਨਿਤਾਪ੍ਰਤੀ ਅਭਿਆਸ ਵਿਲੋਵਣਾ ਦਰਕਾਰ ਹੈ। ਜਿਉਂ ਜਿਉਂ ਗੁਰਬਾਣੀ ਰੂਪ
ਸਮੁੰਦਰ ਨੂੰ ਵਿਰੋਲਿਆ ਬਿਲੋਇਆ ਜਾਵੇਗਾ, ਤਿਉਂ ਤਿਉਂ ਹੋਰ ਤੋਂ ਹੋਰ ਨਾਮ ਰਸਕ ਰਸਾਕੀ ਘ੍ਰਿਤ ਗਟਾਕ ਭੁੰਚਣ ਦਾ
ਅਹਿਲਾਦ ਪ੍ਰਾਪਤ ਹੋਵੇਗਾ। ਕਿਉਂਕਿ ਏਸ ਅਮਰ ਪਦਾਰਥੀ ਦੁੱਧ (ਸਮੁੰਦਰ) ਨੇ ਤਾਂ (ਗਊ ਭੈਂਸ ਦੇ ਦੁੱਧ ਵਾਂਗ) ਕਦੇ
ਫੋਕਟ ਹੀ ਨਹੀਂ ਰਹਿ ਜਾਣਾ। ਭਾਵੇਂ ਲੱਖਾਂ ਬਿਲੋਵਨਹਾਰੇ ਨਾਮ ਤੱਤ ਰੂਪੀ ਮੱਖਣ ਦੇ ਗਟਾਕ ਵਿਚੋਂ ਕਢ ਕਢ ਕੇ ਭੁੰਚ
ਭੁੰਚ ਕੇ ਅਘਾਈ ਜਾਵਣ। ਤਾਂ ਤੇ ਗੁਰਬਾਣੀ ਸਫਲ ਸਦਾ ਸੁਖਦਾਈ ਹੈ ਅਤੇ ਹਰ ਦਮ ਨਾਮ ਅਭਿਆਸ ਹਿਤ ਸਹਾਈ ਹੈ।
ਗੁਰਬਾਣੀ ਤੇ ਨਾਮ ਦਾ ਤੱਤ-ਜੋਤਿ-ਰਹੱਸ ਓਤਿ ਪੋਤਿ ਅਰਥਾਤ ਇਕ ਮਿਕ ਹੋਣ ਕਰਕੇ, ਸੇਵਨਹਾਰੇ ਦੇ ਸਾਧਨ ਭਿੰਨ ਭਿੰਨ
ਨਹੀਂ ਕਹਾ ਸਕਦੇ। ਨਿਸਤਾਰਾ ਜਾ ਕੇ ਨਾਮ-ਲੀਨਤਾ ਵਿਚ ਹੀ ਹੋਣਾ ਹੈ। ਗੁਰਬਾਣੀ ਦੀਆਂ ਪ੍ਰੇਮ ਨਾਮ ਪੋਥੀਆਂ
ਲਿਖਣਹਾਰਿਆਂ ਦੀ ਤੱਤ ਕਲਿਆਣ ਵੀ ਏਸ ਕਰਕੇ ਹੁੰਦੀ ਹੈ ਕਿ ਗੁਰਬਾਣੀ ਲਿਖਦੇ ਤੱਤ ਰੂਪੀ ਰਸਾਇਣੀ ਕਲਾ, ਲਿਖਾਰੀਆਂ
ਦੀ ਸੁਰਤੀ ਬਿਰਤੀ ਨਾਲ ਰਗੜ ਖਾ ਕੇ ਵਰਤ ਜਾਂਦੀ ਹੈ। ਜਿਨ੍ਹਾਂ ਨੂੰ ਨਾਮ ਦੀ ਸੂਝ ਬੂਝ ਵੀ ਨਹੀਂ ਹੁੰਦੀ, ਉਨ੍ਹਾਂ
ਨੂੰ ਨਾਮ ਉਤੇ ਸ਼ਰਧਾ ਲਿਆ ਦਿੰਦੀ ਹੈ ਤੇ ਉਨ੍ਹਾਂ ਨੂੰ ਨਾਮ ਦੇ ਪਾਤਰ ਬਣਾ ਕੇ ਭਾਂਡੇ ਭਰਪੂਰ ਕਰਨ ਕਰਾਵਨ ਦੇ ਅਵਸਰ
ਬਣਾ ਦਿੰਦੀ ਹੈ। ਜਿਨ੍ਹਾਂ ਲਿਖਾਰੀਆਂ ਨੂੰ ਨਾਮ ਪਹਿਲਾਂ ਹੀ ਪ੍ਰਾਪਤ ਹੈ ਤਿਨ੍ਹਾਂ ਨੂੰ ਗੁਰਬਾਣੀ ਲਿਖਣ ਦੀ
ਅਖੰਡ ਸੇਵਾ, ਅਖੰਡਾਕਾਰ ਨਾਮ ਖੰਡਾ ਖੜਕਾਵਣ ਦਾ ਨਛਾਵਰਾ ਬਖਸ਼ਦੀ ਹੈ। ਪਰੰਤੂ ਨਿਸਤਾਰਾ ਉਦੋਂ ਹੀ ਹੁੰਦਾ ਹੈ ਜਦੋਂ
“ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ” ਵਾਲੇ ਹੁਕਮ ਦੀ ਪਾਲਣਾ ਵਾਲਾ ਵਰਤਾਰਾ ਵਰਤਦਾ ਹੈ, ਬਾਰੰਬਾਰ ਗੁਰਬਾਣੀ ਦਾ
ਸੇਵਨ ਹੁੰਦਾ ਹੈ। ਗੁਰਬਾਣੀ ਦਾ ਲਿਖਣ, ਪੜ੍ਹਨ, ਸੁਣਨ ਤੇ ਗਾਵਣ ਰੂਪੀ ਸੇਵਨ ਬਾਰੰਬਾਰ ਹੁੰਦਾ ਹੈ ਤਾਂ ਜਾ ਕੇ
ਸੇਵਨਹਾਰੇ ਦੀ ਸੁਰਤੀ ਬਿਰਤੀ ਨੂੰ ਪਿਰਮ ਪੈਕਾਮ (ਪ੍ਰੇਮ ਦੇ ਤੀਰ) ਵਾਲੀ ਚੋਟ ਲਗਦੀ ਹੈ ਤੇ ਪਰਤੱਖ
ਪ੍ਰਤੀਤ ਹੁੰਦਾ ਹੈ ਕਿ ਗੁਰਬਾਣੀ ਤਾਂ ਇਹ ਹੁਕਮ ਦਿੰਦੀ ਹੈ ਕਿ “ਨਾਮ ਜਪਹੁ, ਨਾਮ ਜਪਹੁ”। ਇਸ ਬਿਧਿ ਗੁਰਬਾਣੀ
ਦੁਆਰਾ ਨਾਮ ਦਿਨੋ ਦਿਨ ਦੂਣ ਸਵਾਇਆ ਦ੍ਰਿੜ੍ਹ ਹੁੰਦਾ ਰਹਿੰਦਾ ਹੈ, ਇਸ ਤਰ੍ਹਾਂ ਪਰਤੱਖ ਨਿਸਤਾਰਾ ਹੁੰਦਾ ਹੈ।
ਗੁਰਬਾਣੀ, ਅੰਮ੍ਰਿਤ ਬਾਣੀ, ਗੁਰੂ ਰੂਪ ਹੋਣ ਦੇ ਕਾਰਨ ਅੰਮ੍ਰਿਤ ਦੀ ਦਾਤੀ ਹੈ। ਦਾਤਾਰ ਗੁਰੂ ਰੂਪ ਬਾਣੀ ਤੋਂ
ਬੇਮੁਖ ਹੋ ਕੇ ਕਦੇ ਅੰਮ੍ਰਿਤ ਦੇ ਗੂੜ੍ਹ ਰੰਗਾਂ ਵਿਚ ਤਤਪਰ ਰਹਿ ਸਕੀਦਾ ਹੈ? ਕਦਾਚਿਤ ਨਹੀਂ ! ਤਾਂ ਤੇ ਸਾਧਨ ਅਨੇਕ
ਨਹੀਂ, ਏਕ ਹੀ ਹੈ। ਸਾਡੀ ਸਮਝ ਵਿਚ ਹੀ ਫਰਕ ਹੈ। ਜਿਨ੍ਹਾਂ ਅਭਾਗੇ ਜਗਿਆਸੂਆਂ ਨੂੰ ਗੁਰਬਾਣੀ ਦਾ ਸੇਵਨ ਕਰਦਿਆਂ ਨਾਮ
ਰੂਪੀ ਤਤ ਪਦਾਰਥ ਨਹੀਂ ਲੱਭਾ, ਉਹਨਾਂ ਦੀ ਤਤ ਕਲਿਆਣ ਏਸ ਜਨਮ ਵਿਚ ਨਹੀਂ ਹੋਵੇਗੀ। ਕੋਈ ਕਸਰ ਕਾਂਪ ਜੋ ਰਹਿ ਗਈ ਹੈ
ਤਾਂ ਦੂਜੇ ਜਨਮ ਵਿਚ ਜਾ ਕੇ ਸ਼ਗੂਫਾ ਖਿੜਾਏਗੀ। ਕਮਾਈ ਨਿਰੋਲ ਗੁਰਬਾਣੀ ਅਭਿਆਸ ਦੀ ਵੀ ਆਹਲੀ (ਖਾਲੀ) ਨਹੀਂ ਜਾਣੀ।
ਜਿਨ੍ਹਾਂ ਨੂੰ ਗੁਰਬਾਣੀ ਦਾ ਸੇਵਨ ਕਰਦਿਆਂ ਇਹ ਗੱਲ ਕਦੇ ਨਹੀਂ ਫੁਰਦੀ ਕਿ ਨਾਮ ਪਦਾਰਥ ਵਿਲੱਖਣ ਹੈ, ਅਰਥਾਤ
ਗੁਰਬਾਣੀ ਤੋਂ ਵੱਖਰਾ ਹੈ, ਉਹਨਾਂ ਦੇ ਗੁਰਬਾਣੀ ਸੇਵਨ ਵਿਚ ਫਰਕ ਹੈ, ਕਮਾਈ ਵਿਚ ਊਣਤਾਈ ਹੈ, ਮਨ ਬਚਨ, ਕਰਮ ਕਰਕੇ ਉਹ
ਅਜੇ ਗੁਰਬਾਣੀ ਦੇ ਸੇਵਨ ਵਿਚ ਤਦ ਰੂਪ ਨਹੀਂ ਹੋਏ, ਅਥਵਾ ਗੁਰਮਤਿ ਗਿਆਨ-ਕਲਾ ਦੇ ਅਜੇ ਉਹ ਅਧਿਕਾਰੀ ਹੀ ਨਹੀਂ ਬਣੇ।
ਜਾਂ ਉਹਨਾਂ ਨੂੰ ਪੂਰਨ ਗੁਰਮਤਿ ਬਿਧੀ ਅਨੁਸਾਰ ਅੰਮ੍ਰਿਤ ਪਾਨ ਕਰਨ ਦਾ ਅਵਸਰ ਹੀ ਪ੍ਰਾਪਤ ਨਹੀਂ ਹੋਇਆ ਜਾਂ ਇਉਂ
ਕਹੋ ਕਿ ੳਹੁਨਾਂ ਦੇ ਪੂਰਬਲੇ ਕਰਮਾਂ ਦਾ ਅਜੇ ਅੰਕੂਰ ਨਹੀਂ ਜਾਗਿਆ। ਜੇ ਹੁਣ ਨਹੀਂ ਜਾਗਿਆ ਤਾਂ ਫੇਰ ਜਾਗੇਗਾ,
ਕਸਰਾਂ ਕਢ ਕੇ ਜਾਗੇਗਾ। ਏਸ ਨਹੀਂ ਤਾਂ ਅਗਲੇ ਜਨਮ ਵਿਚ ਜਾਗੇਗਾ। ਜਾਗੇਗਾ ਸਹੀ ਜ਼ਰੂਰ। ਆਹਲਾ (ਖਾਲੀ) ਕਦੇ ਨਹੀਂ
ਜਾਣਾ। ਕਮਾਈ ਦੀ ਅਧੂਰੀ ਰਹਿ ਗਈ ਖੇਡ ਅੰਕੂਰ ਉਗਵਣ ਸਾਰ ਆਗੇ ਪਾਛੇ ਜ਼ਰੂਰ ਪੂਰੀ ਹੋ ਜਾਏਗੀ, ਇਹ ਬਾਤ ਨਿਸਚੇ ਕਰ
ਜਾਣੋ ਜੀ।
ਨਾਮ ਬਾਣੀ ਦੀ ਪਾਰਸ ਕਲਾ
ਜੋ ਮਨੁਖ ਆਪਣੀ ਮਨੋਰਥ-ਪੂਰਤੀ ਲਈ ਹੀ ਨਾਮ ਜਪਦੇ ਹਨ ਯਾ ਗੁਰਬਾਣੀ ਦਾ ਸੇਵਨ ਕਰਦੇ ਹਨ, ਚਾਹੇ ਉਹ ਪਹਿਲਾਂ ਸੁਆਰਥ-
ਸਿਧੀ ਲਈ ਹੀ ਏਸ ਲਗਨ ਵਿਚ ਲਗਦੇ ਹਨ, ਪਰ ਸੁਆਰਥ-ਸਿਧੀ ਦੇ ਪ੍ਰਬਲ ਹੋਣ ਕਰ, ਉਹ ਨਿਜ ਮਨੋਰਥ ਪੂਰਤੀ ਲਈ ਨਾਮ ਬਾਣੀ ਦੇ
ਰਟਨ ਵਿਚ ਲਟਾ-ਪੀਂਘ ਹੋ ਜਾਂਦੇ ਹਨ। ਨਾਮ ਤੇ ਗੁਰਬਾਣੀ ਪਾਰਸ ਰੂਪ ਹਨ। ਇਸ ਪਾਰਸ ਰੂਪ ਅੰਮ੍ਰਿਤ ਪਦਾਰਥ ਦੇ ਸਪਰਸ਼
ਨਾਲ ਨਾਮ ਬਾਣੀ ਦੀ ਪਾਰਸ ਕਲਾ ਵਰਤ ਜਾਂਦੀ ਹੈ, ਜਿਸ ਕਰਕੇ ਨਾਮ ਬਾਣੀ ਦਾ ਰਸ ਆਉਣ ਲਗ ਜਾਂਦਾ ਹੈ। ਇਸ ਤਰ੍ਹਾਂ ਨਾਮ
ਬਾਣੀ ਦੇ ਸੇਵਨਹਾਰ ਦੀ ਸੁਰਤੀ ਬਿਰਤੀ ਪ੍ਰਵਿਰਤੀਓਂ (ਸੰਸਾਰਕ ਵਿਹਾਰਾਂ) ਤੋਂ ਉਚਾਟ ਹੋ ਕੇ ਪ੍ਰਮਾਰਥੀ ਲਗਨ ਵਿਚ
ਜਾ ਪਰਵੇਸ਼ ਕਰਦੀ ਹੈ। ਫੇਰ ਗੁਰਬਾਣੀ ਤੇ ਨਾਮ ਦਾ ਅਭਿਆਸ ਕੇਵਲ ਰਸ-ਵਿਗਾਸ ਦੇ ਪ੍ਰਾਇਣ ਹੋ ਕੇ ਹੀ ਕਰੀਦਾ ਹੈ। ਇਸ
ਬਿਧ ਗੁਰਬਾਣੀ ਨਾਮ ਦੀ ਅੰਮ੍ਰਿਤ ਪਾਰਸ ਰਸਾਇਣੀ ਕਲਾ ਦਾ ਨਿਤਾਪ੍ਰਤੀ ਤੇ ਖਿਨ-ਖਿਨੀ ਸਪਰਸ਼ (ਭਾਵੇਂ ਪਹਿਲਾਂ
ਸੁਆਰਥ-ਸਿਧੀ ਹਿਤ ਆਰੰਭ ਹੋਇਆ ਹੋਵੇ) ਓੜਕ ਪ੍ਰਮਾਰਥੀ ਰੰਗਾਂ ਵਾਲੇ ਤੱਤ ਆਦਰਸ਼ ਵਿਚ ਅਰੂੜ ਕਰਾਇ ਦਿੰਦਾ ਹੈ।
ਗੁਰਬਾਣੀ ਦਾ ਲਗਾਤਾਰ ਸੇਵਨ ਸੇਵਨਹਾਰੇ ਦੀ ਬੁਧੀ ਨੂੰ ਪ੍ਰਮਾਰਥ ਸਿਧੀ ਦੇ ਪਰਮ ਮਨੋਰਥ ਹਿਤ ਸਾਵਧਾਨ ਕਰ ਦਿੰਦਾ
ਹੈ, ਕਿਉਂਕਿ ਵਾਸਤਵ ਵਿਚ ਸਮੱਗਰ ਗੁਰਬਾਣੀ ਤਤ ਆਦਰਸ਼ੀ ਦੀਖਿਆ ਤਾਂ ਹੈ ਹੀ ਪ੍ਰਮਾਰਥ-ਸਿਧੀ ਹਿਤ। ਪ੍ਰਮਾਰਥ-ਸਿਧੀ
ਹਿਤ ਨਾਮ ਬਾਣੀ ਦਾ ਕੀਤਾ ਹੋਇਆ ਸੇਵਨ, ਫੇਰ ਸੁਤੇ ਸਿਧ ਹੀ ਸਗਲ-ਪਦਾਰਥ-ਸਿਧੀ ਕਰਾਈ ਜਾਂਦਾ ਹੈ। ਨਾਮ-ਰਸਕ ਵੈਰਾਗ
ਹੋਣ ਦੀ ਅਵਸਥਾ ਤਾਈਂ ਰਿਧੀ ਸਿਧੀ ਦੇ ਵਹਿਣ ਵਿਚ ਰੁੜ੍ਹ ਜਾਣ ਦਾ ਤੌਖਲਾ ਤਾਂ ਜ਼ਰੂਰ ਹੈ, ਪਰ ਪ੍ਰਮਾਰਥ ਦੇ ਪ੍ਰਬਲ
ਪ੍ਰੇਮ-ਪਰਾਇਣੀ-ਪਾਂਧੀਆਂ ਨੂੰ ਰਿਧੀ ਸਿਧੀ ਸਭ ਮੋਹ ਹੀ ਸਚਮੁਚ ਪ੍ਰਤੀਤ ਹੋਣ ਲਗ ਪੈਂਦੀ ਹੈ। ਗੁਰਬਾਣੀ ਸੇਵਨ ਦੀ
ਦੀਰਘ ਗਾਖੜੀ, ਗੂੜ੍ਹ ਮਤ ਗਾਖੜੀ ਸੇਵਾ, ਰਿਧੀ ਸਿਧੀ ਆਦਿਕ ਨੂੰ ਮੋਹ ਰੂਪ ਦਰਸਾ ਕੇ ਗੁਰਮਤਿ ਭੈ-ਭਾਵਨੀ ਅੰਦਰ ਲੈ
ਆਉਂਦੀ ਹੈ, ਜਿਸ ਕਰਕੇ ਪ੍ਰਮਾਰਥ-ਪਾਂਧੀ, ਅਰਥਾਤ ਗੁਰਮਤਿ ਪ੍ਰਮਾਰਥ-ਪਾਂਧੀ ਰਿਧੀਆਂ ਸਿਧੀਆਂ ਦਾ ਗੁਮੇਹ ਹੀ
ਨਹੀਂ ਕਰਦੇ। ਨਾਮ ਗੁਰਬਾਣੀ ਦੀ ਸੁਤੇ ਸਿਧ ਕਮਾਈ ਦਾ ਅੰਮ੍ਰਿਤ-ਰਸਾਇਣੀ ਪਰਮ ਅਨੰਦ ਰਸ ਉਗਵਿ ਆਉਂਦਾ ਹੈ, ਜਿਸ
ਕਰਕੇ ਉਹ ਉਕਾ ਉਕਾ ਹੀ ਮੋਹ ਮਮਤਾਵੀ ਰਿਧੀ ਸਿਧੀ ਨੂੰ ਪਿਠ ਦੇ ਬੈਠਦਾ ਹੈ। ਅਤੇ ਉਸ ਨੂੰ ਰਿਧੀਆਂ ਸਿਧੀਆਂ ਦਾ ਸੁਤੇ
ਸਿਧੀ ਆਵਣਾ ਦਰਸਾਵਣਾ ਪੁਹਂਦਾ ਹੀ ਨਹੀਂ।
ਅਪਨੇ ਲੋਭ ਕਉ ਕੀਨੋ ਮੀਤੁ…॥੧॥
(ਗਉੜੀ ਮ: ੫, ਪੰਨਾ ੧੯੫)
ਸਾਰਖੇ ਗੁਰਵਾਕਾਂ ਦੀ ਗੁਰਮਤਿ ਅਸੂਲੀ ਸਚਾਈ ਵਿਚ ਕੋਈ ਸੰਦੇਹ ਨਹੀਂ। ਤਲਖ਼ ਤਜਰਬੇ ਅੰਦਰ ਆਈਆਂ ਉਲਟ ਮਿਸਾਲਾਂ ਜੇ
ਟਾਵੀਂ ਟਾਵੀਂ ਜਾਂ ਬਹੁਤੀ ਗਿਣਤੀ ਵਿਚ ਦੇਖੀਆਂ ਪਰਖੀਆਂ ਜਾਂਦੀਆਂ ਹਨ ਤਾਂ ਉਹਨਾਂ ਦੇ ਕਾਰਨ ਕੇਵਲ ਇਹੋ ਹੀ ਹੈ
ਕਿ ਵਾਸਤਵ ਵਿਚ ਉਹ ਲੋਕ ਪਾਰਸ ਨੂੰ ਪਰਸਦੇ ਹੀ ਨਹੀਂ। ਉਹ ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਸਿਰਫ਼ ਲੋਕ ਦਿਖਾਵੇ ਲਈ
ਅਤੇ ਲੋਕਾਂ ਨੂੰ ਰੀਝਾਵਣ ਲਈ, ਥੋੜੇ ਚਿਰ ਲਈ ਪਖੰਡ-ਪਸਾਰਾ ਹੀ ਕਰਦੇ ਹਨ। ਅਸਲ ਕਮਾਈ ਕੋਈ ਨਹੀਂ ਕਰਦੇ। ਦਿਖਾਵੇ
ਮਾਤਰ ਪਪ ਪਪ ਕਰਦੇ ਹਨ। ਉਹਨਾਂ ਪ੍ਰਤੀ ਹੀ :-
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥
(ਗੂਜਰੀ ਮ: ੩, ਪੰਨਾ ੪੯੧)
ਵਾਲਾ ਗੁਰਵਾਕ ਪੂਰਾ ਘਟਦਾ ਹੈ। ਉਹਨਾਂ ਦਾ ਹਾਲ ਅਜਿਹਾ ਹੈ ਜੈਸੇ ਕਿ ਗੁਰਮਤਿ ਜੁਗਤੀ ਵਿਹੂਣ ਨਿਗੁਰੇ ਸਾਕਤਾਂ ਦਾ
ਆਪਣੇ ਹੁਦਰੋਂ ਨਾਮ ਦੀ ਰਟ ਲਗਾਉਣ ਵਾਲਾ ਨਿਰਣਾ ਅਗੇ ਹੋ ਚੁੱਕਾ ਹੈ। ਉਹ ਵਾਸਤਵ ਵਿਚ ਗੁਰਮਤਿ ਨਾਮ ਨਹੀਂ ਜਪਦੇ, ਨਾ
ਹੀ ਉਹਨਾਂ ਨੂੰ ਗੁਰੂ ਦੁਆਰਿਓਂ ਨਾਮ ਪੂਰੀ ਵਿਧੀ ਅਨੁਸਾਰ ਪ੍ਰਾਪਤ ਹੋਇਆ ਹੁੰਦਾ ਹੈ। ਉਹ ਆਪਣੇ ਹੁਦਰੋਂ ਪਏ
ਪਪ ਪਪ ਕਰੀ ਜਾਣ ਅਤੇ ਬੁਲ੍ਹ ਹਿਲਾਈ ਜਾਣ ਅਤੇ ਹਿਲਾ ਹਿਲਾ ਕੇ ਲੋਕਾਂ ਨੂੰ ਦਿਖਾਈ ਜਾਣ, ਉਹਨਾਂ ਦਾ ਇਸ ਬਿਧ ਇਉਂ
ਕਰਨਾ ਨਾਮ ਜਪਣਾ ਹੀ ਨਹੀਂ ਕਹਾ ਸਕਦਾ।
ਗੁਰਬਾਣੀ ਨੂੰ ਅਦਬ ਸੇਤੀ ਪ੍ਰੇਮ ਨਾਲ ਲਿਖਣ ਪੜ੍ਹਨ ਵਾਲਿਆਂ ਦਾ ਹੀ ਓੜਕ ਉਧਾਰ ਨਿਸਤਾਰਾ ਹੁੰਦਾ ਹੈ। ਗੁਰਬਾਣੀ
ਦੇ ਲਿਖਾਰੀਆਂ ਦਾ ਅੰਤੀ ਉਧਾਰ ਹੋਵੇਗਾ। ਕੰਪਾਜ਼ੀਟਰਾਂ, ਕੁਤਬ-ਫ਼ਰੋਸ਼ਾਂ ਦਾ ਗੁਰਬਾਣੀ ਦੇ ਗੁਟਕਿਆਂ ਪੋਥੀਆਂ ਨੂੰ
ਬੇਅਦਬੀ ਕਰ ਕਰ ਕੇ ਛਪਾਉਣ-ਹਾਰਿਆਂ ਅਤੇ ਛਪਾ ਛਪਾ ਕੇ ਬੇਅਦਬੀ ਨਾਲ ਰਖ ਰਖ ਕੇ ਬੇਅਦਬੀ ਨਾਲ ਵੇਚਣ ਵਾਲਿਆਂ ਦਾ,
ਦੰਮਾਂ ਬਦਲੇ ਬੇਅਦਬੀ ਕਰਨਹਾਰਿਆਂ ਦਾ ਉਧਾਰ ਹੋਣਾ ਗੁਰਮਤਿ ਅਕੀਦੇ ਤੋਂ ਬਹੁਤ ਦੂਰ ਹੈ। ਜਿਹਨਾਂ ਦਾ ਪੇਸ਼ਾ ਹੀ
ਪਖੰਡ ਜਾਂ ਦੰਮਾਂ ਦੀ ਵਿਹਾਜੀ ਹੈ, ਉਹਨਾਂ ਉਤੇ ਪਾਰਸ-ਕਲਾ ਵਰਤਣ ਵਾਲੀ ਗੱਲ ਕਦੇ ਘਟ ਨਹੀਂ ਸਕਦੀ। ਹੱਥਾਂ ਦੀਆਂ
ਉਂਗਲੀਆਂ ਨਾਲ ਗੁਰਬਾਣੀ ਦੇ ਅੱਖਰਾਂ ਨੂੰ ਘਸਾਈ ਜਾਣ ਨਾਲ ਪਾਰਸ-ਕਲਾ ਵਾਲੀ ਚੁੰਬਕ ਰਗੜ ਪਰਚੰਡ ਨਹੀਂ ਹੁੰਦੀ। ਨਾ
ਹੀ ਹੱਥਾਂ ਨਾਲ ਮਾਲਾ ਫੇਰੇ ਸਿਮਰਨੇ ਘਸਾਇਆਂ ਆਤਮ ਪ੍ਰਕਾਸ਼ ਪਰਜੁਅਲਤੀ ਸ਼ਕਤੀ ਪ੍ਰਾਪਤ ਹੁੰਦੀ ਹੈ, ਜਦ ਤੀਕ ਕਿ
ਪੂਰਨ ਗੁਰਮਤਿ ਵਿਧੀ ਅਨੁਸਾਰ ਗੁਰਮਤਿ ਨਾਮ ਦੀ ਪ੍ਰਾਪਤੀ ਨਾ ਹੋ ਗਈ ਹੋਵੇ। ਨਾਮ ਪ੍ਰਾਪਤ ਕਰਕੇ ਵੀ ਜੇ ਕੋਈ ਉਲਟੇ
ਵਹਿਣਾ ਵਿਚ ਵਗ ਤੁਰੇ ਤਾਂ ਉਸ ਦਾ ਵੀ ਸਿਮਰਨੇ-ਘਸਾਈ ਵਾਲਾ ਪੋਚ-ਦਿਖਾਵਾ ਕਿਸੇ ਲੇਖੇ ਨਹੀਂ।
ਗੁਰਮੰਤ੍ਰ ਹੀਣ ਪ੍ਰਾਣੀਆਂ ਦੀ ਦਸ਼ਾ
ਗੁਰਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਨਹ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥੩੩॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੬)
ਏਸ ਸਲੋਕ ਵਿਚ ਗੁਰੂ ਸਾਹਿਬ ਨੇ ਗੁਰਮੰਤਰ ਹੀਣ ਪ੍ਰਾਣੀਆਂ ਦੀ ਦਸ਼ਾ ਦਸੀ ਹੈ, ਭਾਵ ਇਹ ਕਿ ਗੁਰਮਤਿ ਗੁਰਮੰਤਰ ਤੋਂ
ਹੀਣੇ (ਸਖਣੇ) ਜਿਤਨੇ ਪ੍ਰਾਣੀ ਵੀ ਏਸ ਸੰਸਾਰ ਵਿਚ ਹਨ, ਉਹਨਾਂ ਦਾ ਮਨੁੱਖ ਜਾਮਾ ਧ੍ਰਿਗ ਧ੍ਰਿਗ ਹੈ, ਉਹ ਕੂਕਰਾਂ
(ਕੁੱਤਿਆਂ), ਸੂਕਰਾਂ (ਸੂਰਾਂ), ਗਰਧਭਾਂ (ਗਧਿਆਂ), ਕਾਕਾਂ (ਕਾਵਾਂ) ਤੇ ਸੱਪਾਂ ਦੀ ਨਿਆਈਂ ਭ੍ਰਿਸ਼ਟ ਹਨ। ਗੁਰਮੰਤਰ-
ਹੀਣ ਨਿਗੁਰੇ ਪੁਰਸ਼ਾਂ ਉਤੇ ਏਦੂੰ ਵਧ ਕੇ ਭ੍ਰਿਸ਼ਟਾਚਾਰੀ ਤੇ ਧ੍ਰਿਗਕਾਰੀ ਹੋਣ ਦੀ ਹੋਰ ਕੀ ਫਿਟਕਾਰ ਪੈ ਸਕਦੀ ਹੈ,
ਜੈਸਾ ਕਿ ਉਪਰਲੇ ਗੁਰਵਾਕ ਅੰਦਰ ਗੁਰੂ ਸਾਹਿਬ ਨੇ ਪਾਈ ਹੈ। ਇਹ ਨਿਰੀ ਫਿਟਕਾਰ ਹੀ ਨਹੀਂ, ਸਗੋਂ ਵਾਸਤਵੀ ਹੋਣਹਾਰ
ਭਿਅੰਕਰ ਦਸ਼ਾ ਦਸੀ ਹੈ, ਜੋ ਨਿਗੁਰੇ, ਨਿਗੁਸਾਏ ਗੁਰਮੰਤਰ ਤੋਂ ਹੀਣੇ ਜੀਵਾਂ ਉਤੇ ਸਚਮੁਚ ਵਰਤ ਕੇ ਰਹਿਣੀ ਹੈ। ਬਲਕਿ
ਇਸ ਜਨਮ ਵਿਚ ਵੀ ਉਹਨਾਂ ਦਾ ਮਨੁੱਖੀ ਜਾਮਾ ਗੁਰਮੰਤਰ-ਹੀਣ ਤੇ ਨਿਗੁਰੇ ਹੋਣ ਕਰਕੇ ਕੁੱਤਿਆਂ, ਸੂਰਾਂ, ਗਧਿਆਂ,
ਕਾਵਾਂ ਤੇ ਸੱਪਾਂ ਸਾਰਖਾ ਹੀ ਭ੍ਰਿਸ਼ਟ ਹੈ। ਏਸ ਤੋਂ ਵਧ ਹੋਰ ਕੀ ਲਾਅਨਤ ਪਾਈ ਜਾ ਸਕਦੀ ਹੈ ਗੁਰਮੰਤਰ-ਹੀਣੇ ਨਿਗੁਰੇ
ਪ੍ਰਾਣੀਆਂ ਦੀ ਜੀਵਨ-ਦਸ਼ਾ ਉਤੇ। ਏਸ ਸਬੰਧੀ ਗੁਰਬਾਣੀ ਦੇ ਹੋਰ ਅਨੇਕਾਂ ਪ੍ਰਮਾਣ ਹਨ। ਜਿਹਾ ਕਿ :-
ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥…੨॥
(ਸਿਰੀਰਾਗੁ ਮ: ੫, ਪੰਨਾ ੫੦)
ਗੁਰਮੰਤਰ ਤੋਂ ਹੀਣਾ ਨਿਗੁਰਾ, ਸ਼ਬਦ ਅਭਿਆਸ, ਗੁਰਮਤਿ ਨਾਮ ਅਭਿਆਸ ਕਮਾਈ ਤੋਂ ਖ਼ਾਲੀ ਹੋਣ ਕਰਕੇ, ਤੇ ਸੱਚ ਨਾਮ
ਆਹਾਰੀ, ਨਾਮ ਆਧਾਰੀ ਤੇ ਨਾਮ ਸਾਧਾਰੀ ਜੋਤਿ-ਰਸ-ਵਿਗਾਸ ਵਿਚ ਨਾ ਆਉਣ ਕਰਕੇ, ਕਦੇ ਵੀ ਰਜਦਾ ਤ੍ਰਿਪਤਾਸਦਾ ਨਹੀਂ
ਅਤੇ ਹਲਕੇ ਹੋਏ ਕੁੱਤੇ ਦੀ ਨਿਆਈਂ ਦਰ-ਬਦਰ ਭਟਕਦਾ, ਥਿੜਕਦਾ ਫਿਰਦਾ ਹੈ।
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥੧॥
(ਆਸਾ ਮ: ੯, ਪੰਨਾ ੫੧੧)
ਇਹ ਗੁਰਵਾਕ ਸਪੱਸ਼ਟ ਸਿਧ ਕਰਦਾ ਹੈ ਕਿ ਕੁੱਤੇ ਦੀ ਨਿਆਈਂ ਦੁਆਰੇ ਦੁਆਰੇ ਡੋਲਣਹਾਰਾ ਪ੍ਰਾਣੀ, ਲੋਭ ਲਹਿਰ ਵਿਚ
ਗ੍ਰਸਤ ਹੋਣ ਕਰਕੇ ਏਸ ਭੈੜੀ ਦਸ਼ਾ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ ਨੂੰ ਰਾਮ ਭਜਨ ਦੀ ਸੁਧ ਨਹੀਂ ਹੁੰਦੀ। ਸੁਧ
ਹੋਵੇ ਵੀ ਕਿਵੇਂ, ਕਿਉਂਕਿ ਗੁਰਮੰਤਰ-ਹੀਣ ਤੇ ਨਿਗੁਰਾ ਜੁ ਹੋਇਆ। ਭਲਾ ਨਿਗੁਰੇ ਪੁਰਸ਼ ਨੂੰ ਭਾਉ-ਭਗਤੀ ਨਾਮ ਅਭਿਆਸ
ਦੀ ਸੁਧ ਬੁਧ ਤੇ ਜੁਗਤ ਬਿਧੀ ਕਦੇ ਆ ਸਕਦੀ ਹੈ? ਕਦੰਤ ਨਹੀਂ। ਗੁਰਮੰਤਰ ਤੋਂ ਵਰੋਸਾਏ ਹੋਏ ਸਗੁਰੇ ਗੁਰਮੁਖ ਜਨ ਹੀ
ਏਹਨਾਂ ਲੌਭ-ਲਹਿਰਾਂ, ਤ੍ਰਿਸ਼ਨਾਵਾਂ ਤੇ ਕਾਮਨਾਵਾਂ ਤੋਂ ਅਲੇਪ, ਬੇ-ਮੁਥਾਜ ਤੇ ਬੇਪ੍ਰਵਾਹ ਰਹਿ ਸਕਦੇ ਹਨ। ਸੰਸਾਰੀ
ਜੀਵਾਂ ਨੂੰ ਅਹਿਨਿਸ ਏਹਨਾਂ ਲੋਭ-ਲਹਿਰਾਂ ਦੇ ਲਲਚੇਵੇਂ ਤੇ ਹਲਕੇਵੇਂ ਹੀ ਵਿਆਪਦੇ ਰਹਿੰਦੇ ਹਨ। ਉਹਨਾਂ ਨੂੰ ਏਸ
ਆਤਮ ਪਦਾਰਥ ਦੀ ਸੁਧ ਬੁਧ ਕੀ ਹੋ ਸਕਦੀ ਹੈ, ਜਿਸ ਪਦਾਰਥ ਕਰਕੇ ਤ੍ਰਿਪਤਾਸੀਦਾ ਤੇ ਅਗਾਈਦਾ ਹੈ।
ਸਾਕਤ ਪੁਰਸ਼ਾਂ ਨਾਲੋਂ ਤਾਂ ਸੂਰ ਦਾ ਹੀ ਭਲਾ ਹੈ। ਯਥਾ ਗੁਰਵਾਕ:-
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥
ਉਹ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥੧੪੩॥
(ਸਲੋਕ ਕਬੀਰ ਜੀ, ਪੰਨਾ ੧੩੭੨)
ਏਥੇ ਸਾਕਤ ਪੁਰਸ਼ ਸੂਰਾਂ ਤੋਂ ਵੀ ਭੈੜੇ ਜਣਾਏ ਗਏ ਹਨ। ਸਾਕਤਾਂ ਨਾਲੋਂ ਸੂਰ ਭਲੇ ਦਸੇ ਗਏ ਹਨ, ਜੋ ਸ਼ਹਿਰਾਂ ਪਿੰਡਾਂ
ਦੀਆਂ ਜੂਹਾਂ ਲਾਗੇ ਫਿਰ ਕੇ ਗੰਦ ਮੈਲੇ ਤੋਂ ਸ਼ਹਿਰਾਂ, ਪਿੰਡਾਂ ਨੂੰ ਸਾਫ਼ ਤਾਂ ਰਖਦੇ ਹਨ। ਨਿਗੁਰੇ ਗੁਰਮੰਤਰ-ਹੀਣ
ਪ੍ਰਾਣੀ ਨੂੰ ਗੁਰੂ ਸਾਹਿਬ ਗਧੇ ਦੀ ਤੁਲਨਾ ਹੋਰ ਗੁਰਵਾਕਾਂ ਅੰਦਰ ਦਿੰਦੇ ਹਨ :-
ਬਿਨੁ ਸਿਮਰਨ ਗਰਧਭ ਕੀ ਨਿਆਈ॥
ਸਾਕਤ ਥਾਨ ਭਰਿਸਟ ਫਿਰਾਹੀ॥5॥
(ਗਉੜੀ ਮ: ੫, ਪੰਨਾ ੨੩੯)
ਗੁਰਮਤਿ ਨਾਮ ਅਭਿਆਸ ਕਮਾਈ ਤੋਂ ਸਖਣੇ ਸਾਕਤ ਪੁਰਸ਼ ਗਧਿਆਂ ਦੀ ਤਰ੍ਹਾਂ ਹਨ, ਕਿਉਂਕਿ ਜਿਵੇਂ ਗਧੇ ਗੰਦਗੀ ਖਾਣ ਲਈ
ਰੂੜੀਆਂ ਆਦਿ ਭ੍ਰਿਸ਼ਟ ਥਾਵਾਂ ਤੇ ਫਿਰਦੇ ਰਹਿੰਦੇ ਹਨ, ਇਸੇ ਤਰ੍ਹਾਂ ਸਾਕਤ ਪੁਰਸ਼ ਆਪਣੀਆਂ ਮੰਦ ਵਾਸ਼ਨਾਵਾਂ ਦੇ
ਅੱਟੇ ਹੋਏ ਭੈੜੇ ਭ੍ਰਿਸ਼ਟਾਚਾਰੀ ਥਾਂਵਾਂ ਤੇ ਪਏ ਖਜਲ-ਖੁਆਰ ਹੁੰਦੇ ਫਿਰਦੇ ਹਨ। ਇਸ ਪ੍ਰਕਾਰ ਗੁਰਬਾਣੀ ਅੰਦਰ
ਸਾਕਤਾਂ ਨਿਗੁਰੇ ਪੁਰਸ਼ਾਂ ਦੀ ਦਸ਼ਾ ਕਾਵਾਂ, ਸੱਪਾਂ, ਸੂਰਾਂ, ਗਧਿਆਂ ਤੇ ਮੂਰਖਾਂ ਵਰਗੀ, ਸਗੋਂ ਉਹਨਾਂ ਤੋਂ ਵੀ
ਬੁਰੀ ਵਰਨਣ ਕੀਤੀ ਹੈ। ਯਥਾ ਗੁਰਵਾਕ:-
ਚਿਰੰਕਾਲ ਪਾਈ ਦੁਰਲਭ ਦੇਹ॥
ਨਾਮ ਬਿਹੂਣੀ ਹੋਈ ਖੇਹ॥
ਪਸੂ ਪਰੇਤ ਮੁਗਧ ਤੇ ਬੁਰੀ॥
ਤਿਸਹਿ ਨ ਬੂਝੈ ਜਿਨਿ ਇਹ ਸਿਰੀ॥੩॥(੪॥੧੨॥੨੩)
(ਰਾਮਕਲੀ ਮ: ੫, ਪੰਨਾ ੮੯੦)
ਇਸ ਭਿਆਨਕ ਚਉਰਾਸੀ ਦੇ ਗੇੜ ਤੋਂ ਛੁਟਕਾਰਾ ਪਾਉਣ ਦਾ ਇਕ ਸਾਧਨ ਹੈ ਗੁਰੂ ਕੀ ਸਰਨ ਆ ਕੇ ਨਾਮ ਜਪਣਾ, ਜਿਹਾ ਕਿ
ਗੁਰਵਾਕ ਹੈ:-
ਜਹੁ ਨਾਨਕ ਇਹੁ ਤਤੁ ਬੀਚਾਰਾ॥
ਬਿਨੁ ਹਰਿ ਭਜਨ ਨਾਹੀ ਛੁਟਕਾਰਾ॥੩॥੪੪॥੧੧੩॥
(ਗਉੜੀ ਮ: ੫, ਪੰਨਾ ੧੮੮)
ਵਾਹਿਗੁਰੂ ਦਾ ਭਜਨ ਹੀ ਸਭ ਤੋਂ ਉਤਮ ਤੇ ਕਲਿਆਣਕਾਰੀ ਕਰਮ ਹੈ; ਹੋਰ ਪੁੰਨ ਦਾਨ ਕਿਰਿਆ ਕਰਮ ਸਭ ਏਸ ਤੋਂ ਹੇਠਾਂ ਹਨ।
ਯਥਾ:-
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥੮॥੧੪॥
(ਸਿਰੀ ਰਾਗੁ ਮ: ੧, ਪੰਨਾ ੬੨)
ਇਹ ਸ਼ੁਭ ਆਚਾਰ ਪੂਰਬਲੇ ਭਾਗਾਂ ਤੇ ਗੁਰੂ ਕਰਤਾਰ ਦੀ ਮਿਹਰ ਦੇ ਸਦਕੇ ਪ੍ਰਾਪਤ ਹੁੰਦਾ ਹੈ:-
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥੮॥
(ਸੋਰਠਿ ਮ: ੫, ਪੰਨਾ ੬੪੨)
ਭਾਗਾਂ ਵਾਲੇ ਨੂੰ ਇਸ ਨਾਮ ਦੀ ਦਾਤ ਮਿਲਦੀ ਹੈ, ਇਹੀ ਸਭ ਤੋਂ ਉਤਮ ਵਡਿਆਈ ਤੇ ਸਭ ਤੋਂ ਸਰੇਸ਼ਟ ਕਰਮ ਹੈ। ਯਥਾ ਗੁਰਵਾਕ:-
ਨਾਨਕ ਨਾਮੁ ਮਿਲੈ ਵਡਿਆਈ
ਏਦੂ ਉਪਰਿ ਕਰਮੁ ਨਹੀ॥੮॥੧॥
(ਰਾਮਕਲੀ ਮ:੧, ਪੰਨਾ ੯੦੨)
*****
Back to: Gurmat Articles
